ਚੰਡੀਗੜ੍ਹ 12 ਜੁਲਾਈ :-
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਕਲਾ ਭਵਨ ਸੈਕਟਰ 16 ਵਿਖੇ ਡਾ. ਸੁੱਚਾ ਸਿੰਘ ਗਿੱਲ ਦੀ ਕਿਤਾਬ “ਪਾਣੀਆਂ ਦੇ ਮਸਲੇ ਸੁੱਕਦਾ ਡੁੱਬਦਾ ਪੰਜਾਬ ” ਦੇ ਹਵਾਲੇ ਨਾਲ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਬਤੌਰ ਮੁੱਖ ਮਹਿਮਾਨ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਨੇ ਸ਼ਿਰਕਤ ਕੀਤੀ ਜਦੋਂ ਕਿ ਪੱਤਰਕਾਰ ਹਮੀਰ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਕਿਤਾਬ ਦੇ ਲੇਖਕ ਡਾਕਟਰ ਸੁੱਚਾ ਸਿੰਘ ਗਿੱਲ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਭਾਵੇਂ ਮਨੁੱਖਤਾ ਦੀ ਹੋਂਦ ਹੀ ਪਾਣੀ ਨਾਲ ਹੈ ਪ੍ਰੰਤੂ ਪਾਣੀਆਂ ਦੇ ਮਸਲੇ ਤੇ ਅੱਜ ਮਨੁੱਖ ਗੰਭੀਰ ਨਹੀਂ ਜੋ ਕਿ ਸਾਡੀ ਹੋਂਦ ਲਈ ਵੱਡਾ ਖਤਰਾ ਹੈ। ਸਵਾਗਤੀ ਸ਼ਬਦ ਬੋਲਦਿਆਂ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਕਿ ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਕਿ ਜਿਸ ਸੂਬੇ ਦਾ ਨਾਮ ਪਾਣੀਆਂ ਦੇ ਨਾਮ ਤੇ ਹੋਵੇ ਤੇ ਅੱਜ ਉਸੇ ਸੂਬੇ ਨੂੰ ਪਾਣੀਆਂ ਦੇ ਮਸਲਿਆਂ ਅਤੇ ਖਤਰਿਆਂ ਤੇ ਵਿਚਾਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਿਆਸਤਦਾਨਾਂ ਦੇ ਕੁਰਸੀ ਮੋਹ ਦਾ ਖਮਿਆਜਾ ਅੱਜ ਜਨਤਾ ਭੁਗਤ ਰਹੀ ਹੈ ਜਿਸ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਪ੍ਰਧਾਨਗੀ ਮੰਡਲ ਵੱਲੋਂ ਸੁੱਚਾ ਸਿੰਘ ਗਿੱਲ ਦੀ ਕਿਤਾਬ ” ਪਾਣੀਆਂ ਦੇ ਮਸਲੇ ਸੁੱਕਦਾ ਅਤੇ ਡੁੱਬਦਾ ਪੰਜਾਬ ” ਲੋਕ ਅਰਪਣ ਕਰਨ ਉਪਰੰਤ ਬੋਲਦਿਆਂ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਸਮੁੱਚੇ ਮਸਲਿਆਂ ਦੀ ਜੜ੍ਹ ਪਾਣੀ ਹੈ ਪੰਜਾਬ ਦੇ ਵਿੱਚ ਐਸ ਵਾਈ ਐਲ ਨਹਿਰ ਦੇ ਸ਼ੁਰੂ ਹੋਣ ਤੋਂ ਲੈ ਕੇ ਜੂਨ 1984 ਤੋਂ ਬਾਅਦ 1995 ਤੱਕ ਪੰਜਾਬ ਦਾ ਜੋ ਨੁਕਸਾਨ ਹੋਇਆ ਉਸਦਾ ਮੂਲ ਕਾਰਨ ਪਾਣੀ ਹੀ ਸੀ।ਉਹਨਾਂ ਕਿਹਾ ਕਿ ਕਾਨੂੰਨੀ ਤੌਰ ਤੇ ਸੁਪਰੀਮ ਕੋਰਟ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਪਾਣੀਆਂ ਬਾਰੇ ਕੋਈ ਹੱਕ ਨਹੀਂ । ਪੰਜਾਬ ਵਿੱਚ ਪਾਣੀਆਂ ਦੇ ਮਸਲੇ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਲਈ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦਿਆ ਨੇ ਕਦੇ ਪੰਜਾਬ ਨੂੰ ਨਹੀਂ ਚੁਣਿਆ ਉਹਨਾਂ ਆਪਣੀਆਂ ਕੁਰਸੀਆਂ ਨੂੰ ਮੁੱਖ ਰੱਖ ਕੇ ਫੈਸਲੇ ਕੀਤੇ। ਸਿਆਸਤਦਾਨ ਪਾਣੀ ਦੇ ਮੁੱਦਿਆਂ ਨੂੰ ਕੇਵਲ ਚੋਣਾਂ ਲਈ ਵਰਤਦੇ ਹਨ ਉਂਝ ਕੋਈ ਵੀ ਗੰਭੀਰ ਨਹੀਂ ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਤੇ ਕੰਮ ਕਰਨ ਵਾਲੀਆਂ ਧਿਰਾਂ ਵੀ ਪੰਜਾਬ ਵਿੱਚੋਂ ਨਦਾਰਦ ਹਨ। ਉਹਨਾਂ ਕਿਹਾ ਕਿ ਦੁਖ ਦੀ ਗੱਲ ਇਹ ਹੈ ਕਿ ਜਾਬ ਦੇ ਲੋਕਾਂ ਨੇ ਵੀ ਪਾਣੀਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਪੁਸਤਕ ਦੇ ਹਵਾਲੇ ਨਾਲ ਗੱਲ ਕਰਦਿਆਂ ਡਾ. ਮਿਹਰ ਮਾਣਕ ਨੇ ਕਿਹਾ ਕਿ ਪੰਜਾਬ ਵਿੱਚ ਪਾਣੀਆਂ ਦੇ ਸਾਧਨਾਂ ਨੂੰ ਸੰਭਾਲਣ ਦੀ ਕੋਈ ਯੋਜਨਾ ਨਹੀਂ ਇਹ ਪੰਜਾਬ ਦੀ ਬਦਕਿਸਮਤੀ ਹੈ। ਇਸ ਲਈ ਪੰਜਾਬ ਦੇ ਹਿੱਸੇ ਜਾਂ ਹੜ੍ਹ ਹਨ ਜਾਂ ਸੋਕਾ। ਕੁਦਰਤੀ ਸਰੋਤਾਂ ਦੀ ਤਬਾਹੀ ਨਿਰੰਤਰ ਜਾਰੀ ਹੈ ਅਤੇ ਸੱਤਾ ਧਾਰੀ ਅਤੇ ਵਿਰੋਧੀ ਧਿਰਾਂ ਮੂਕ ਦਰਸ਼ਕ ਬਣ ਕੇ ਸਿਰਫ ਦੇਖ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਕਿਤਾਬ ਪੰਜਾਬ ਦੇ ਲੋਕਾਂ ਨੂੰ ਪਾਣੀਆਂ ਦੀ ਸਮੱਸਿਆ ਬਾਰੇ ਹਲੂਣਨ ਦਾ ਕੰਮ ਕਰੇਗੀ।
ਸੁਰਿੰਦਰ ਬੰਸਲ ਵੱਲੋਂ ਲਿਖੇ ਟਿੱਪਣੀ ਪੜ੍ਹਦਿਆਂ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਹਰੇ ਇਨਕਲਾਬ ਨੇ ਹਰੇ ਭਰੇ ਪੰਜਾਬ ਨੂੰ ਅੱਜ ਗੰਧਲਾ ਪੰਜਾਬ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਹਰੇ ਇਨਕਲਾਬ ਪਿੱਛੇ ਲੱਗ ਰਵਾਇਤੀ ਅਤੇ ਕੁਦਰਤੀ ਖੇਤੀ ਨੂੰ ਛੱਡ ਕੇ ਜਿੱਥੇ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਜਹਰੀਲਾ ਕਰ ਲਿਆ ਹੈ ਉੱਥੇ ਅਸੀਂ ਪਾਣੀ ਦੇ ਕੁਦਰਤੀ ਸਰੋਤ ਤਬਾਹ ਕਰ ਲਏ ਹਨ ਜੋ ਕਿ ਮਨੁੱਖਤਾ ਲਈ ਹੁਣ ਖਤਰੇ ਦੀ ਘੰਟੀ ਬਣ ਗਏ ਹਨ। ਖੇਤੀਬਾੜੀ ਮਾਹਰ ਅਤੇ ਅੱਜ ਦੇ ਮੁੱਖ ਮਹਿਮਾਨ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਨੇ ਬੋਲਦਿਆਂ ਕਿਹਾ ਪੰਜਾਬ ਦੇ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਦਾ ਵੀ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਰਿਹਾ ਲੱਗਦਾ। ਸਰਕਾਰਾਂ ਫਰੀ ਚ ਸਹੂਲਤਾਂ ਦੇ ਕੇ ਜਨਤਾ ਨੂੰ ਖੁਸ਼ ਕਰਨ ਤੇ ਲੱਗੀਆਂ ਹਨ ਤੇ ਲੋਕ ਚਾਟ ਤੇ ਲੱਗ ਗਏ ਹਨ।ਉਨ੍ਹਾਂ ਕਿਹਾ ਕਿ ਮੁਫਤ ਯੋਜਨਾਵਾਂ ਪੰਜਾਬ ਦਾ ਵਿਨਾਸ਼ ਹਨ ਵਿਕਾਸ ਨਹੀਂ। ਸੁੱਚਾ ਸਿੰਘ ਗਿੱਲ ਦੇ ਇਸ ਪੁਸਤਕ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਾਣੀਆ ਦੀ ਵੰਡ ਬਾਰੇ ਨਿਰਪੱਖ ਪਹੁੰਚ ਨੂੰ ਅਪਣਾ ਕੇ ਸਾਰਥਕ ਹੱਲ ਲੱਭਣ ਦੀ ਗੱਲ ਕਰਦੀ ਹੈ ਇਹ ਕਿਤਾਬ। ਗੁੰਜਲਦਾਰ ਉਲਝਣਾਂ ਦਾ ਨਿਰਪੱਖ ਵਿਸ਼ਲੇਸ਼ਣ ਇਸ ਕਿਤਾਬ ਵਿੱਚ ਲੇਖਕ ਨੇ ਬੜੀ ਸੂਝਬੂਝ ਨਾਲ ਕੀਤਾ ਹੈ। ਉਹਨਾਂ ਕਿਹਾ ਕਿ ਇੱਕ ਕਿਲੋ ਚੌਲ ਪੈਦਾ ਕਰਨ ਤੇ 5 ਹਜਾਰ ਲੀਟਰ ਪਾਣੀ ਲੱਗਦਾ ਹੈ ਤੇ ਇਸ ਪਾਣੀ ਦੇ ਨਾਲ ਅਸੀਂ ਚੌਲ ਉਗਾ ਕੇ ਕੇਂਦਰੀ ਪੂਲ ਨੂੰ ਦੇ ਰਹੇ ਹਾਂ ਚੌਲ ਸਾਡੀ ਖੁਰਾਕ ਨਹੀਂ ਫਿਰ ਵੀ ਅਸੀਂ ਇਸ ਤੇ ਮਣਾ ਮੂਹਾ ਪਾਣੀ ਬਰਬਾਦ ਕਰ ਰਹੇ ਹਾਂ ਤੇ ਸਰਕਾਰ ਫਰੀ ਬਿਜਲੀ ਦੇ ਕੇ ਪੈਸਾ ਬਰਬਾਦ ਕਰ ਰਹੀ ਹੈ। ਜੇ ਇਹੋ ਬਿਜਲੀ ਦੀ ਸਬਸਿਡੀ ਦਾ ਪੈਸਾ ਪਿੰਡਾਂ ਦੇ ਵਿਕਾਸ ਤੇ ਲੱਗਿਆ ਹੁੰਦਾ ਤਾਂ ਅੱਜ ਹਰ ਇੱਕ ਪਿੰਡ ਚੰਡੀਗੜ੍ਹ ਬਣਿਆ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਇਹ ਵੇਖਣ ਦੀ ਲੋੜ ਹੈ ਕਿ ਸਿਆਸਤ ਨਾਲੋਂ ਪਾਣੀ ਗੰਧਲਾ ਹੈ ਜਾਂ ਪਾਣੀ ਨਾਲੋ ਸਿਆਸਤ ਗੰਧਲੀ ਹੈ ।
ਕਿਤਾਬ ਦੇ ਲੇਖਕ ਡਾਕਟਰ ਸੁੱਚਾ ਸਿੰਘ ਗਿੱਲ ਨੇ ਕਿਹਾ ਕਿ 1955-60 ਦੇ ਦੌਰਾਨ ਪੰਜਾਬ ਸੇਮ ਨੇ ਮਾਰਿਆ ਹੋਇਆ ਸੀ ਤੇ ਉਦੋਂ ਸੇਮ ਨਾਲੇ ਕੱਢ ਕੇ ਜਮੀਨਾਂ ਨੂੰ ਮੁੜਵਾਹੀ ਯੋਗ ਬਣਾਇਆ। ਉਹਨਾਂ ਕਿਹਾ ਕਿ ਅੱਜ ਧਰਤੀ ਦਾ ਪਾਣੀ ਸੁੱਕ ਕੇ ਹਜ਼ਾਰਾਂ ਫੁੱਟ ਡੂੰਘਾ ਚਲਾ ਗਿਆ ਹੈ ਧਰਤੀ ਹੇਠਲੇ ਪਾਣੀ ਬਾਰੇ ਕੋਈ ਵੀ ਸਿਆਸੀ ਧਿਰ ਗੰਭੀਰ ਨਹੀਂ। ਪਾਣੀ ਦੀ ਗੁਣਵੱਤਾ ਦੀ ਖਰਾਬੀ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਪਰ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਸੇ ਤਰ੍ਹਾਂ ਖੇਤੀ ਪਾਲਿਸੀ ਵੱਲ ਵੀ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ । ਪੰਜਾਬ ਦੇ ਵਾਤਾਵਰਨ ਅਤੇ ਪਾਣੀਆਂ ਨੂੰ ਬਚਾਉਣ ਲਈ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਅਤੇ ਇੱਕ ਲੋਕ ਲਹਿਰ ਬਣਾਉਣ ਦੀ ਲੋੜ ਹੈ। ਉਹਨਾਂ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਜਿਹੜੇ 30 ਬਲਾਕਾਂ ਵਿੱਚ ਧਰਤੀ ਹੇਠਲਾ ਪਾਣੀ ਜਿਆਦਾ ਡੂੰਘਾ ਚਲਾ ਗਿਆ ਹੈ ਉੱਥੇ ਤੁਰੰਤ ਝੋਨਾ ਲਾਉਣਾ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਹੀ ਪੰਜਾਬ ਦੀ ਹਾਲਤ ਸੁਧਰ ਸਕਦੀ ਹੈ। ਪੰਜਾਬ ਨੂੰ ਝੋਨੇ ਤੋਂ ਮੁਕਤ ਕਰਨ ਦਾ ਸਮਾਂ ਆ ਗਿਆ ਹੈ ਅਤੇ ਜਮੀਨ, ਪਾਣੀ, ਹਵਾ ਅਤੇ ਵਾਤਾਵਰਨ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।
ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚਿਆਂ ਸਹਿਤ ਸਭਾਵਾਂ ਪੰਜਾਬ ਦੇ ਮੁੱਦਿਆਂ ਤੋਂ ਕਦੇ ਅਵੇਸਲੀਆਂ ਨਹੀਂ ਹੋਈਆਂ ਹਮੇਸ਼ਾ ਗੰਭੀਰਤਾ ਨਾਲ ਇਸ ਤੇ ਵਿਚਾਰ ਕਰਦੀਆਂ ਹਨ। ਉਹਨਾਂ ਕਿਹਾ ਕਿ ਇਸ ਪੁਸਤਕ ਤੇ ਲਗਾਤਾਰ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ ਪੰਜਾਬ ਨੂੰ ਅਤੇ ਇਸਦੇ ਪਾਣੀਆਂ ਨੂੰ ਬਚਾਉਣ ਲਈ ਪੰਜਾਬੀ ਲੇਖਕ ਸਭਾ ਭਵਿੱਖ ਵਿੱਚ ਅਜਿਹੀਆਂ ਕੋਸ਼ਿਸ਼ਾਂ ਜਾਰੀ ਰੱਖੇਗੀ।
ਅੱਜ ਦੇ ਸਮਾਗਮ ਵਿੱਚ ਗੁਰਨਾਮ ਕੰਵਰ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ,ਰਾਜਵਿੰਦਰ ਸਿੰਘ ਗੁੱਡੂ,ਖੁਸ਼ਹਾਲ ਲਾਲੀ, ਅਜੀਤ ਹਮਦਰਦ, ਕਰਨਲ ਅਵਤਾਰ ਸਿੰਘ ਹੀਰਾ, ਹਰਵੰਤ ਸਿੰਘ, ਜੋਰਾ ਸਿੰਘ, ਐਸ ਐਸ ਸੇਖੋ, ਗੁਰਮੇਲ ਸਿੰਘ ਮੋਜੇਵਾਲ, ਬਲਵਿੰਦਰ ਸਿੰਘ, ਤਰਲੋਚਨ ਸਿੰਘ, ਲਾਭ ਸਿੰਘ ਲਹਿਲੀ, ਸਰਬਜੀਤ ਸਿੰਘ ਪੱਡਾ, ਹਰਬੰਸ ਕੌਰ ਗਿੱਲ, ਬਹਾਦਰ ਸਿੰਘ, ਡਾਕਟਰ ਗੁਰਮੇਲ ਸਿੰਘ ਗਿੱਲ, ਰਤਨ ਸਿੰਘ, ਹਕੀਕਤ ਸਿੰਘ, ਸੁਰਜੀਤ ਸਿੰਘ ਧੀਰ, ਸ਼ਮਸ਼ੀਰ ਸਿੰਘ ਸੋਢੀ, ਗੁਰਦੇਵ ਸਿੰਘ ਗਿੱਲ, ਡਾਕਟਰ ਅਮਰਜੀਤ ਅਰਪਣ, ਡਾਕਟਰ ਸਾਹਿਬ ਸਿੰਘ, ਕਮਲ ਨੈਣ ਸਿੰਘ ਸੇਖੋ, ਡਾਕਟਰ ਗੁਰਮੇਲ ਸਿੰਘ, ਗੁਰਚਰਨ ਸਿੰਘ, ਬਿੰਦਰ ਮਾਝੀ, ਰਜਿੰਦਰ ਕੌਰ ਸਰਾਂ, ਧਿਆਨ ਸਿੰਘ ਕਾਹਲੋਂ, ਹਰਭਜਨ ਕੌਰ ਢਿੱਲੋਂ, ਕਮਲਜੀਤ ਗਿੱਲ, ਸੁਰਦਰਸ਼ਨ ਕੌਰ ਮਝੈਲ, ਮਨਜੀਤ ਸਿੰਘ ਮਝੈਲ, ਬਲਜੀਤ ਬੈਂਸ, ਦਵੀ ਦਵਿੰਦਰ ਕੌਰ, ਅਮਿਤ ਖੰਨਾ, ਬਲਕਾਰ ਸਿੱਧੂ, ਬਲਵਿੰਦਰ ਢਿੱਲੋਂ, ਨਵਨੀਤ ਕੌਰ ਮਠਾੜੂ, ਅਨੁਰਾਧਾ ਸ਼ੁਕਲਾ, ਮੰਦਰ ਗਿੱਲ, ਤੇਜਾ ਸਿੰਘ ਥੂਹਾ, ਸ਼ਰਨਜੀਤ ਸਿੰਘ ਵੈਦਵਾਨ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਕਰਵਾਈ ਗੰਭੀਰ ਵਿਚਾਰ ਚਰਚਾ
